Thursday, 22 December 2011

ਦੁੱਖਾਂ ਨਾਲ ਭਰੀ ਜ਼ਿੰਦਗੀ ਵਿਚ ਹੋ ਸਕਦੀ ਹੈ ਸੁੱਖਾਂ ਦੀ ਵਰਖਾ !


ਦੁੱਖਾਂ ਨਾਲ ਭਰੀ ਜ਼ਿੰਦਗੀ ਵਿਚ ਹੋ ਸਕਦੀ ਹੈ ਸੁੱਖਾਂ ਦੀ ਵਰਖਾ !
- ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਅਕਸਰ ਉਸ ਬਾਰੇ ਸੋਚਿਆ ਜਾਂਦਾ ਹੈ ਕਿ ਉਸ ਨੇ ਸਾਰੀ ਜ਼ਿੰਦਗੀ ਬਹੁਤ ਸੰਘਰਸ਼ ਕੀਤਾ। ਬਚਪਨ ਤੋਂ ਹੀ ਉਸ ਨੂੰ ਸੰਘਰਸ਼ ਕਰਨਾ ਪਿਆ ਤੇ ਉਸ ਨੇ ਜ਼ਿੰਦਗੀ ਵਿਚ ਕਈ ਜੱਫਰ ਜਾਲ ਕੇ ਸਮਾਜ ਵਿਚ ਰੁਤਬਾ ਬਣਾਇਆ। ਅਸੀਂ ਇਹੋ ਜਿਹੀਆਂ ਗੱਲਾਂ ਸੁਣਦੇ ਜ਼ਰੂਰ ਹਾਂ ਪਰ ਇਸ ਪਿੱਛੇ ਜਿਹੜਾ 'ਪਹਿਲੂ' ਲੁਕਿਆ ਪਿਆ ਹੈ, ਉਸ ਬਾਰੇ ਨਹੀਂ ਸੋਚਦੇ। ਉਹ ਪਹਿਲੂ ਇਹ ਹੈ ਕਿ ਕਿਉਂ ਵਿਅਕਤੀ ਨੂੰ ਜਾਨ-ਹੂਲਵਾਂ ਸੰਘਰਸ਼ ਕਰਨਾ ਪੈਂਦਾ ਹੈ? 
ਕਈ ਸਮਾਜ ਵਿਗਿਆਨੀ ਤੇ ਉਤਸ਼ਾਹ-ਉਪਦੇਸ਼ਕ ਆਖਦੇ ਹਨ ਕਿ ਜੇ ਕਿਸੇ ਮਨੁੱਖ ਨੂੰ ਸੰਘਰਸ਼ ਹੀ ਨਾ ਕਰਨਾ ਪਵੇ ਤਾਂ ਉਹ ਕਦੇ ਵੀ ਪਕਰੋੜ (ਮੈਚਿਓਰ) ਨਹੀਂ ਹੋ ਸਕਦਾ। ਮਨੁੱਖ ਨੂੰ ਪਰਪੱਕ ਕਰਨ ਲਈ ਹੀ ਪਰਮਾਤਮਾ ਨੇ ਇਹ ਪ੍ਰਬੰਧ ਸਿਰਜਿਆ ਹੈ ਕਿ ਮਨੁੱਖ ਲਈ ਸੰਘਰਸ਼ ਜੀਊਣ ਦੀ ਲਾਜ਼ਮੀ ਸ਼ਰਤ ਹੈ। ਹਾਂ, ਇਹ ਗੱਲ ਕਿਸੇ ਹੱਦ ਤਕ ਬਿਨਾਂ ਸ਼ੱਕ ਦਰੁਸਤ ਹੈ। ਪਰ ਆਪਾਂ ਇਥੇ ਜਿਹੜਾ ਪੱਖ ਵੀਚਾਰ ਰਹੇ ਹਾਂ ਉਹ ਇਹ ਹੈ ਕਿ ਮਨੁੱਖ ਦਾ ਸੰਘਰਸ਼ ਜਾਨ-ਹੂਲਵਾਂ ਤੇ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਸੁਣ ਕੇ ਕਾਂਬਾ ਛਿੜ ਪਵੇ। 
ਖ਼ਾਸਕਰ ਭਾਰਤੀ ਉਪਮਹਾਦੀਪ ਦੇ ਜਿੰਨੇ ਦੇਸ਼ ਹਨ, ਜਿਵੇਂ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਨੇਪਾਲ, ਸ੍ਰੀਲੰਕਾ ਇਥੇ ਜਨਮੇ ਵਿਅਕਤੀ ਨੁੰ ਰੋਟੀ ਖਾਣ ਲਈ ਤੇ ਆਪਣੇ ਇਲਾਜ ਲਈ ਬਹੁਤ ਵੱਡੇ ਸੰਘਰਸ਼ ਵਿਚੋਂ ਨਿਕਲਣਾ ਪੈਂਦਾ ਹੈ। ਕਈ ਵਾਰ ਤਾਂ ਮਨੁੱਖ ਸਾਰੀ ਉਮਰ ਆਪਣਾ ਖੂਨ ਸਾੜ ਕੇ ਅੰਤਾਂ ਦੀ ਮਿਹਨਤ ਕਰਕੇ ਵੀ ਰੋਟੀ ਕਮਾਉਣ ਦੇ ਗੇੜ ਵਿਚੋਂ ਬਾਹਰ ਨਹੀਂ ਨਿਕਲਦਾ। ਜੇ ਅਸੀਂ ਕਹੀਏ ਕਿ ਮਨੁੱਖ ਦੀ ਨੀਤ ਵਿਚ ਖੋਟ ਸੀ ਤਾਂ ਇਹ ਸਿਰਫ ਬਦਮਾਸ਼ ਵਿਵਸਥਾ ਦੇ ਹੱਕ ਵਿਚ ਜਾਣ ਵਾਲੀ ਗੱਲ ਹੋਵੇਗੀ। ਕੋਈ ਵਿਅਕਤੀ ਨਿੱਕੇ ਹੁੰਦੇ ਥੋੜ੍ਹਾ ਬਹੁਤ ਬੇਈਮਾਨ ਹੋ ਸਕਦਾ ਹੈ ਕਿ ਉਹ ਆਪਣੀ ਪੜ੍ਹਾਈ ਮਨ ਲਾ ਕੇ ਨਾ ਕਰਦਾ ਹੋਵੇ। ਪਰ ਜਦੋਂ ਉਹ ਹੋਸ਼ ਸੰਭਾਲਦਾ ਹੈ। ਫੇਰ ਉਸ ਦਾ ਵਿਆਹ ਹੁੰਦਾ ਹੈ। ਖਰਚੇ ਵੱਧ ਜਾਂਦੇ ਹਨ। ਫੇਰ ਬੱਚੇ ਪੈਦਾ ਹੁੰਦੇ ਹਨ। ਹਸਪਤਾਲ ਵਾਲਿਆਂ ਹੱਥੋਂ ਮੂਰਖ ਬਣ ਕੇ ਉਹ ਮੋਟੇ ਮੋਟੇ ਬਿਲ ਦੇ ਕੇ ਆਉਂਦਾ ਹੈ ਤਾਂ ਇੰਨੀ ਕਰੜੀ ਪ੍ਰਕਿਰਿਆ ਵਿਚੋਂ ਲੰਘੇ ਵਿਅਕਤੀ ਬਾਰੇ ਇਹ ਗੱਲ ਕੱਤਈ ਤੌਰ 'ਤੇ ਨਹੀਂ ਕਹੀ ਜਾ ਸਕਦੀ ਕਿ ਮਨੁੱਖ ਆਪਣੇ ਕੈਰੀਅਰ ਪ੍ਰਤੀ ਜਾਂ ਆਪਣੇ ਭਵਿੱਖ ਪ੍ਰਤੀ ਈਮਾਨਦਾਰ ਨਹੀਂ ਸੀ। ਕਿਸੇ ਹੋਰ ਨੂੰ ਮੂਰਖ ਬਣਾਉਣਾ ਹੋਰ ਗੱਲ ਹੁੰਦੀ ਹੈ ਜਦਕਿ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੇ ਦੀ ਅੰਦਰੋਂ ਰੂਹ ਕੰਬਦੀ ਹੁੰਦੀ ਹੈ।
ਇਹ ਗੱਲ ਹੁਣ ਤਕ ਦੇ ਅਧਿਐਨ ਤੋਂ ਸਪਸ਼ਟ ਹੈ ਕਿ ਹਰੇਕ ਮਨੁੱਖ ਤਰੱਕੀ ਕਰਨੀ ਚਾਹੁੰਦਾ ਹੈ। ਪਰ ਭਾਰਤ ਤੇ ਭਾਰਤੀ ਉਪਮਹਾਦੀਪ ਦੇ ਦੇਸ਼ਾਂ ਵਿਚ ਗਰੀਬ ਵਿਅਕਤੀ ਦਾ ਜੀਵਨ ਕਰੜਾ ਹੈ। ਪੈਸੇ ਉੱਤੇ ਤੇ ਪੈਸੇ ਬਣਾ ਸਕਦੇ ਸਾਰੇ ਵਸੀਲਿਆਂ, ਸਾਰੇ ਕਾਰੋਬਾਰਾਂ ਉੱਤੇ ਜੱਫਾ ਮਾਰ ਕੇ ਬੈਠੇ ਲੋਕਾਂ ਵਲੋਂ ਪੈਦਾ ਕੀਤੇ ਹਾਲਾਤ, ਮਿਹਨਤ ਮਜ਼ਦੂਰੀ ਦਾ ਮਿਹਨਤਾਨਾ ਇੰਨਾ ਘੱਟ ਹੁੰਦਾ ਹੈ ਕਿ ਸ਼ਰੀਫ ਵਿਅਕਤੀ ਰੋਟੀ ਖਾਣ ਲੱਗੇ ਵੀ ਕਰੜੇ ਸੰਘਰਸ਼ ਵਿਚੋਂ ਲੰਘਦਾ ਹੈ। ਰੋਟੀ ਖਾਣ ਲਈ ਤੇ ਮਾੜੀ ਮੋਟੀ ਜ਼ਿੰਦਗੀ ਚਲਾਉਣ ਲਈ ਉਸ ਨੂੰ ਕਈ ਤਰ੍ਹਾਂ ਦੇ ਸ਼ੋਸ਼ਣ ਕਰਾਉਣੇ ਪੈਂਦੇ ਹਨ। ਬਦਮਾਸ਼ ਲੋਕਾਂ ਨੂੰ ਮਾਣ ਦੇਣਾ ਪੈਂਦਾ ਹੈ। ਫੇਰ ਵੀ ਉਸ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਨਹੀਂ ਆਉਂਦੀ। ਧਨਾਢ ਲੋਕਾਂ ਲਈ ਹੋਟਲ ਹਨ, ਰੈਸਟੋਰੈਂਟ ਹਨ, ਸ਼ਰਾਬ ਬੀਅਰ ਦੇ ਬਾਰ ਹਨ, ਮੋਟਲ ਹਨ। ਯਕੀਨੀ ਤੌਰ 'ਤੇ ਇਹ ਗੱਲ ਸੱਚ ਹੈ ਕਿ ਸੜਕਾਂ ਉੱਤੇ ਬਣੇ ਇਹ ਹੋਟਲ ਤੇ ਮੋਟਲ ਖੁੱਲ੍ਹੇ ਹਨ ਤਾਂ ਕੋਈ ਧਨਾਢ ਇਨ੍ਹਾਂ ਵਿਚ ਜਾਂਦਾ ਵੀ ਹੋਵੇਗਾ। ਉਥੇ ਸ਼ਰਾਬ-ਬੀਅਰ ਵਿਕਦੀ ਹੈ ਤਾਂ ਕੋਈ ਪੀਂਦਾ ਵੀ ਹੋਵੇਗਾ। ਉਥੇ ਦਿਨੇਂ ਨਾਚ ਗਾਣਾ ਚੱਲਦਾ ਹੈ ਤਾਂ ਕੋਈ ਦੇਖਣ ਵੀ ਜਾਂਦਾ ਹੋਵੇਗਾ। ਜਦਕਿ ਸੱਚ ਤਾਂ ਇਹ ਹੈ ਕਿ ਉਥੇ ਸ਼ਰਾਬ, ਕਬਾਬ ਤੇ ਸ਼ਬਾਬ ਦੀ ਤ੍ਰਿਪਤੀ ਲਈ ਹੀ ਸੇਵਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ।
ਹੁਣ ਆਪਾਂ ਆਉਂਦੇ ਹਾਂ ਇਕ ਸਧਾਰਨ ਸ਼ਰੀਫ ਵਿਅਕਤੀ ਵੱਲ ਜਿਹਦੇ ਕੋਲ ਪਿਓ-ਦਾਦੇ ਵਲੋਂ ਮਿਲੀ ਜਾਇਦਾਦ ਨਹੀਂ ਹੁੰਦੀ। ਉਹਦੇ ਕੋਲ ਇਕ ਸ਼ਰਾਫਤ, ਸੰਗਾਊਪੁਣਾ ਹੁੰਦਾ ਹੈ। ਜਿਸ ਕਾਰਨ ਉਹ ਜਿਸ ਪਿੰਡ ਜਾਂ ਗਲੀ ਵਿਚ ਪੈਦਾ ਹੁੰਦਾ ਹੈ, ਉਥੇ ਮਖੌਲ ਦਾ ਪਾਤਰ ਬਣਦਾ ਹੈ। ਜਿਸ ਕਾਰੋਬਾਰੀ ਸੰਸਥਾ ਦੇ ਨਾਲ ਕੰਮ ਕਰਦਾ ਹੈ, ਉਥੇ ਮਖੌਲ ਦਾ ਪਾਤਰ ਬਣਦਾ ਹੈ। ਪਰ ਗਰੀਬ ਆਦਮੀ ਦਾ ਸਸ਼ਕਤੀਕਰਣ ਕਿਵੇਂ ਕਰਨਾ ਹੈ? ਜਾਂ ਗਰੀਬ ਨੂੰ ਕੋਈ ਤਾਕਤ ਕਿਵੇਂ ਦੇਣੀ ਹੈ, ਬਾਰੇ ਕੋਈ ਨਹੀਂ ਸੋਚਦਾ। 
ਭਾਰਤ ਵਿਚ ਜੂਆਰੀਏ ਦਿਨਾਂ ਵਿਚ ਹੀ ਕਰੋੜਾਂਪਤੀ ਬਣ ਜਾਂਦੇ ਹਨ ਤੇ ਗਰੀਬ ਆਦਮੀ ਦੀ ਰੋਟੀ ਦੀ ਖੇਡ ਨਹੀਂ ਮੁੱਕਦੀ। ਭਾਰਤ ਵਿਚ ਸਰਕਾਰ ਇਸ ਪੱਖੋਂ ਸੰਜੀਦਾ ਨਹੀਂ ਹੈ ਕਿ ਕਿਸੇ ਗਰੀਬ ਨੂੰ ਉਤਾਂਹ ਚੁੱਕਣਾ ਹੈ। ਗਰੀਬਾਂ ਵਿਚੋਂ ਜਿਹੜੇ ਤਿਕੜਮਬਾਜ਼ ਜਾਂ ਗੈਰ ਇਖਲਾਕੀ ਹੁੰਦੇ ਹਨ ਉਹ ਕਈ ਵਾਰ ਰੋਟੀ ਕਮਾਉਣ ਦੇ ਪੱਧਰ ਤੋਂ ਉੱਪਰ ਚਲੇ ਜਾਂਦੇ ਹਨ, ਨਹੀਂ ਤਾਂ ਆਮ ਗਰੀਬ ਆਦਮੀ ਆਪਣੀ ਸ਼ਰਾਫਤ ਤੇ ਅਸੂਲਾਂ ਉੱਤੇ ਮਾਣ ਕਰਦਾ ਰਹਿੰਦਾ ਹੈ ਤੇ ਨਿਰਲੱਜ ਲੋਕ ਉਸ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ। ਜਦਕਿ ਇਕ ਮਨੋ ਵਿਗਿਆਨਕ ਸੱਚਾਈ ਹੈ ਕਿ ਡਰ ਤੋਂ ਅੱਗੇ ਜਿੱਤ ਹੁੰਦੀ ਹੈ। ਜਿਹੜਾ ਮਨੁੱਖ ਆਪਣੇ ਮਨ ਦੀਆਂ ਬਿਰਤੀਆਂ ਤੇ ਡਰ, ਸੰਸਿਆਂ ਆਦਿ ਨੁੰ ਉਲੰਘਣ ਦੀ ਕੋਸ਼ਿਸ਼ ਕਰਦਾ ਹੈ, ਸ਼ੁਰੂ ਵਿਚ ਉਸ ਨੂੰ ਬੁਰਾ ਲੱਗਦਾ ਹੈ ਪਰ ਅਖ਼ੀਰ ਉਹ ਆਪਣੇ ਡਰਾਂ ਤੋਂ ਬਹੁਤ ਅੱਗੇ ਨਿਕਲ ਜਾਂਦਾ ਹੈ। 
ਸਾਰੇ ਅਮੀਰ ਇਸ ਗੱਲੋਂ ਇਕਮਤ ਹਨ ਕਿ ਭਾਰਤ ਵਿਚ ਗਰੀਬ ਜ਼ਰੂਰ ਰਹਿਣੇ ਚਾਹੀਦੇ ਹਨ। ਕਿਉਂਕਿ ਜੇ ਗਰੀਬ ਵਰਗ ਖ਼ਤਮ ਹੋ ਗਿਆ ਤਾਂ ਲੇਬਰ ਕੌਣ ਕਰੇਗਾ। ਜੇ ਮਜ਼ਦੂਰ ਮੁੱਕ ਗਏ ਤਾਂ ਨਵੇਂ ਨਵੇਂ ਖੁੱਲ੍ਹ ਰਹੇ ਕਾਰਖਾਨਿਆਂ ਵਿਚ ਨਿੱਕੀ ਜਿਹੀ ਤਨਖਾਹ ਉੱਤੇ ਕੌਣ ਕੰਮ ਕਰੇਗਾ? ਇਸੇ ਮਜ਼ਦੂਰ ਤਬਕੇ ਨੂੰ ਰੋਲ ਕੇ ਰੱਖਣ ਲਈ ਬਹੁਤ ਹੀ ਨਿਗੂਣੀ ਜਿਹੀ ਤਨਖਾਹ ਮੁਕੱਰਰ ਕੀਤੀ ਜਾਂਦੀ ਹੈ। ਬੰਦਾ ਭਾਵੇਂ ਲੱਖ ਫੈਕਟਰੀਆਂ ਬਦਲ ਲਵੇ ਪਰ ਦੋ ਤਿੰਨ ਸੌ ਰੁਪਏ ਤੋਂ ਵੱਧ ਤਨਖਾਹ ਨਹੀਂ ਵੱਧਦੀ। ਗਰੀਬ ਆਦਮੀ ਨੂੰ ਗਰੀਬ ਰੱਖਣ ਵਿਚ ਇਸ ਸਿਸਟਮ ਨੇ ਹਜ਼ਾਰ ਬੇੜੀਆਂ ਪਾਈਆਂ ਹਨ। 
ਗਰੀਬਾਂ ਨੂੰ ਮੂਰਖ ਬਣਾਈ ਰੱਖਣ ਲਈ ਹੀ ਅਜਿਹੇ ਚਾਤਰ ਚਲਾਕਾਂ ਨੇ 'ਕਿਸਮਤ' ਲਫਜ਼ ਨੂੰ ਲੋੜ ਤੋਂ ਵੱਧ ਤੂਲ ਦਿੱਤੀ ਹੁੰਦੀ ਹੈ ਤਾਂ ਕਿ ਮਿੱਧੇ ਜਾ ਰਹੇ ਗਰੀਬ ਲੋਕ ਆਪਣਾ ਹੱਕ ਹੀ ਨਾ ਸਮਝ ਸਕਣ। ਗਰੀਬਾਂ ਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ ਨਸ਼ਿਆਂ ਵਿਚ ਧੁੱਤ ਅਖੌਤੀ ਬਾਬੇ ਜੋ ਕਿ ਉਨ੍ਹਾਂ ਦੀ ਸ਼ਰਧਾ ਦੇ ਪਾਤਰ ਹੁੰਦੇ ਹਨ, ਅਸਲ ਵਿਚ ਕਾਰਖਾਨੇਦਾਰਾਂ ਤੇ ਚਾਤਰ ਅਮੀਰਾਂ ਦੇ ਏਜੰਟ ਹੁੰਦੇ ਹਨ ਕਿਉਂਕਿ ਅਜਿਹੇ ਵੰਨ ਸੁਵੰਨੇ ਬਾਬੇ ਪਹਿਲਾਂ ਕੰਮ ਤਾਂ ਇਹ ਕਰਦੇ ਹਨ ਕਿ ਕਿਤੇ ਮਿਰਚੀ ਸ਼ਾਹ ਜਾਂ ਚਮਚੇ ਸ਼ਾਹ, ਟਾਲੀ ਸ਼ਾਹ ਆਦਿ ਪੁੱਠੇ ਸਿੱਧੇ ਨਾਂ ਰੱਖ ਕੇ ਮਜ਼ਾਰ ਬਣਾ ਲੈਂਦੇ ਹਨ ਤੇ ਫੇਰ ਸੱਭਿਆਚਾਰਕ ਮੇਲੇ ਕਰਾਉਂਦੇ ਹਨ। ਲੋਕਾਂ ਦਾ ਚੜਾਵਾ ਲੁੱਟ ਕੇ ਉਥੇ ਗਾਉਣ ਵਾਲਿਆਂ ਨੂੰ ਤੇ ਹਾਜ਼ਰੀਨ ਨੂੰ ਪੈਸਿਆਂ ਵਾਲੇ ਨੋਟ ਵੰਡ ਦਿੰਦੇ ਹਨ। ਫੋਕੀ ਬੱਲੇ ਬੱਲੇ ਕਰਾ ਕੇ ਗਰੀਬਾਂ ਨੂੰ ਖੁਸ਼ ਕਰ ਦਿੰਦੇ ਹਨ। ਇਸ ਕਾਰਨ ਗਰੀਬਾਂ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਜੋ ਦੇਣਾ ਹੈ ਬਾਬਿਆਂ ਤੇ ਦਾਤਿਆਂ ਨੇ ਦੇਣਾ ਹੈ। ਗਰੀਬ ਮਨੁੱਖ ਅੰਦਰ ਇਸੇ ਕਰਕੇ ਕਦੇ ਵੀ ਹੋਰ ਮਿਹਨਤ ਕਰਨ ਦਾ ਵਿਚਾਰ ਨਹੀਂ ਉਭਰਦਾ। ਜਦਕਿ ਜ਼ਿੰਦਗੀ ਵਿਚ ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ, ਉਹ ਵਿਚਾਰ ਹੈ, ਆਈਡੀਆ ਹੈ। ਗਰੀਬਾਂ ਨੁੰ ਲੁੱਟਣ ਤੇ ਕਿਸਮਤ ਦੇ ਪਿੱਛਲੱਗ ਬਣਾਈ ਰੱਖਣ ਲਈ ਪੰਜ-ਸ਼ਬਦੀ ਜਾਂ ਪੰਜ-ਅੱਖਰੀ ਨਾਮ ਦੇਣ ਵਾਲੇ ਵੰਨ ਸੁਵੰਨੇ ਢੌਂਗੀ ਬਾਬੇ ਵੀ ਕਿਸੇ ਤੋਂ ਘੱਟ ਨਹੀਂ। ਗਰੀਬ ਵਿਅਕਤੀ ਨੂੰ ਮੌਤ ਦੇ ਅਖ਼ੀਰਲੇ ਦਿਨ ਤਕ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਸ ਦੇ ਹਾਲਾਤ ਲਈ ਉਸ ਦੀ ਵਿਰਾਸਤੀ ਗਰੀਬੀ ਹੀ ਨਹੀਂ ਸਗੋਂ ਸਮਾਜ ਨੂੰ ਚੰਮੜੀਆਂ ਉਹ ਜ਼ੋਕਾਂ ਜਿੰਮੇਵਾਰ ਹਨ ਜੋ ਕਿ ਗਰੀਬਾਂ ਦੀ ਵੱਡੀ ਗਿਣਤੀ ਬਣਾਈ ਰੱਖਣ ਲਈ ਨੀਤੀਆਂ ਬਣਾਉਂਦੀਆਂ ਹਨ। ਗਰੀਬਾਂ ਦਾ ਦਿਮਾਗ ਪੁੱਠੇ ਪਾਸੇ ਲਾਈ ਰੱਖਣ ਲਈ ਹੀ ਰੱਬ ਬਾਰੇ ਝੂਠੇ ਪ੍ਰਚਾਰ, ਝੂਠੇ ਡਰ ਭੈਅ ਦੀਆਂ ਕਹਾਣੀਆਂ ਬਣਾ ਕੇ ਪ੍ਰਚਾਰੀਆਂ ਜਾਂਦੀਆਂ ਹਨ। ਗਰੀਬ ਜੇ ਕਿਤੇ ਸ਼ਰਾਬ ਦਾ ਇਕ ਅੱਧਾ ਪੈੱਗ ਲਾ ਲਵੇ ਤਾਂ ਉਹ ਸ਼ਰਾਬੀ ਤੇ ਧਨਾਢ ਭਾਵੇਂ ਸਾਰਾ ਦਿਨ ਰਿਜ਼ੋਰਟ ਵਿਚ ਬਹਿ ਕੇ ਅੱਯਾਸ਼ੀ ਕਰਦੇ ਰਹਿਣ, ਉਹ ਚੰਗੇ। 
ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਮਨ ਦੀਆਂ ਸੋਚਾਂ ਦੀ ਪੁਣਛਾਣ ਕਰੀਏ ਤੇ ਇਹ ਵੇਖੀਏ ਕਿ ਸਾਡੀ ਗਰੀਬੀ, ਸਾਡੀ ਰੋਜ਼ ਦਿਹਾੜੀ ਦੀ ਅਸਫਲਤਾ ਲਈ ਆਖ਼ਰ ਕਿਹੜੇ ਕਿਹੜੇ ਚਾਤਰ ਚਲਾਕ ਲੋਕ ਜਿੰਮੇਵਾਰ ਹਨ। ਕਿਵੇਂ ਅਸੀਂ ਵੱਧ ਮਿਹਨਤ ਕਰੀਏ। ਸਖਤ ਕੰਮ ਤਾਂ ਕਰਦੇ ਹੀ ਹਾਂ ਕੋਈ ਦਿਮਾਗੀ ਕੰਮ ਕਰੀਏ। ਕੋਈ ਜੁਗਤ ਲੜਾ ਲਈਏ। ਤਕਦੀਰ ਨੂੰ ਸੁਆਰਣ ਲਈ ਦਾਤਿਆਂ ਤੇ ਲੱਖਦਾਤਿਆਂ ਨੂੰ ਕਈ ਵਾਰ ਮੱਥਾ ਟੇਕ ਲਿਆ, ਕਦੇ ਆਪਣੇ ਮਨ ਵਿਚ ਆਪਣੇ ਲਈ ਥੋੜ੍ਹਾ ਸਤਿਕਾਰ ਪੈਦਾ ਕਰੀਏ। ਇੱਟਾਂ ਪੱਥਰਾਂ ਦੀਆਂ ਮਜ਼ਾਰਾਂ ਨੂੰ ਮੰਨਦਿਆਂ ਨੂੰ ਉਮਰਾਂ ਲੰਘ ਗਈਆਂ। ਇਹੀ ਕੰਮ ਆਪਾਂ ਕਰਦੇ ਹਾਂ ਇਹੀ ਸਾਡੇ ਪੁਰਖੇ ਕਰਦੇ ਹੋਣਗੇ। ਸਾਨੂੰ ਵੇਖ ਕੇ ਇਹੀ ਕੰਮ ਸਾਡੀ ਔਲਾਦ ਕਰੇਗੀ। ਜੇ ਆਪਾਂ ਆਪਣਾ ਮਨ ਬਦਲ ਲਈਏ, ਹਿੰਮਤੀ ਬਣੀਏ ਤਾਂ ਬਹੁਤ ਕੁਝ ਬਦਲ ਸਕਦਾ ਹੈ। ਸੰਘਰਸ਼ ਕਰਦਿਆਂ ਨੁੰ ਸਾਨੂੰ ਸਦੀਆਂ ਬੀਤ ਗਈਆਂ। ਹੁਣ ਆਪਾਂ ਮਨ ਦੀ ਰੂਪ ਰੇਖਾ ਵਿਚ ਤਬਦੀਲੀ ਕਰ ਕੇ ਸੰਘਰਸ਼ ਕਰਾਂਗੇ ਤਾਂ ਬਹੁਤ ਵੱਡੀ ਗੱਲ ਨਹੀਂ ਕਿ ਅਸੀਂ ਮਜਬੂਰੀਆਂ ਭਰੀ ਤੇ ਜ਼ਲੀਲ ਕਰਨ ਵਾਲੀ ਜ਼ਿੰਦਗੀ ਦਾ ਰਾਹ ਬਦਲ ਲਵਾਂਗੇ। ਮਨੁੱਖ ਨੇ ਕੀ ਨਹੀਂ ਕੀਤਾ? ਪਹਾੜ ਨਹੀਂ ਚੀਰੇ? ਅਸਮਾਨਾਂ ਵਿਚ ਉਡਾਰੀਆਂ ਨਹੀਂ ਲਾਈਆਂ? ਹਵਾਈ ਜਹਾਜ਼ ਨਹੀਂ ਬਣਾਏ। ਕੀ ਨਹੀਂ ਕੀਤਾ? ਸਭ ਕੁਝ ਕੀਤਾ ਹੈ ਜੇ ਅਸੀਂ ਆਪਣੀ ਸੋਚ ਬਦਲ ਲਾਂਗੇ ਤਾਂ ਅਸੀਂ ਵੀ ਕੁਝ ਕਰ ਸਕਦੇ ਹਾਂ। ਜੇ ਅਸੀਂ ਸੋਚ ਨਾ ਬਦਲੀ ਤਾਂ ਅਸੀਂ ਚਾਤਰ ਚਲਾਕ ਬੰਦਿਆਂ ਦੇ ਹੱਥ ਦੀ ਕਠਪੁਤਲੀ ਬਣੇ ਰਹਾਂਗੇ। ਸਾਡੀ ਸਾਰੀ ਸੋਚ ਅਸਲ ਵਿਚ ਉਨ੍ਹਾਂ ਦੀ ਸਫਲ ਹੋ ਚੁੱਕੀ ਸਾਜ਼ਿਸ਼ ਦਾ ਹੀ ਫਲ ਹੈ। 
-ਯਾਦਵਿੰਦਰ 

----

ਸਿਆਸੀ ਪਾਰਟੀਆਂ ਦੇ ਅਹੁਦੇਦਾਰ,
ਲੋਕਾਂ ਦੇ ਆਗੂ ਕਿਉਂ ਨਹੀਂ ਹੁੰਦੇ!

-ਲੋਕਾਂ ਦਾ ਆਗੂ ਬਣਨ ਲਈ ਆਮ ਲੋਕਾਂ ਵਿਚ ਵਿਚਰਣਾ ਬੇਹੱਦ ਲਾਜ਼ਮੀ ਸ਼ਰਤ ਹੁੰਦੀ ਹੈ ਪਰ ਸਾਡੇ ਨੇਤਾ ਆਪਣੇ ਪਾਰਟੀ ਦਫਤਰ ਜਾਂ ਵਾਕਫਾਂ ਦੇ ਘੇਰੇ ਵਿਚੋਂ ਬਾਹਰ ਹੀ ਨਹੀਂ ਨਿਕਲਦੇ। ਇਕ ਪ੍ਰਧਾਨ ਆਉਂਦਾ ਹੈ, ਥੋੜ੍ਹੀ ਚਿਰ ਲੀਡਰੀ ਕਰਦਾ ਹੈ ਤੇ ਵੱਡੀ ਲੀਡਰੀ ਲਈ ਕਰਨ ਲੱਗਦਾ ਹੈ ਤੇ ਇਸ ਰੌਲੇ ਰੱਪੇ ਦਰਮਿਆਨ ਨਿੱਕੇ ਆਗੂ, ਵੱਡਾ ਆਗੂ ਬਣਨ ਲਈ, ਠਿੱਬੀਆਂ ਲਾਉਣ ਲੱਗ ਪੈਂਦੇ ਹਨ ਤੇ ਸਾਰੇ ਆਪੋ ਆਪਣਾ ਦਰਜਾ ਵਧਾ ਲੈਂਦੇ ਹਨ। ਪਰ ਸਵਾਲਾਂ ਦਾ ਸਵਾਲ ਮੁੜ ਇਹੋ ਹੈ ਕਿ ਇੰਨੇ ਨੇਤਾ ਹੋਣ ਦੇ ਬਾਵਜੂਦ ਲੋਕਾਂ ਵਿਚ ਇਨ੍ਹਾਂ ਨੇਤਾਵਾਂ ਦਾ ਅਧਾਰ ਕਿਉਂ ਨਹੀਂ ਹੁੰਦਾ? ਕਿਉਂ ਆਮ ਲੋਕਾਂ ਨੂੰ ਇਨ੍ਹਾਂ ਦੇ ਨਾਂ ਪਤੇ ਬਾਰੇ ਪਤਾ ਨਹੀਂ ਹੁੰਦਾ? ਕਿਉਂ ਇਹ ਲੋਕ ਅਖ਼ਬਾਰਾਂ ਵਿਚ ਫੋਟੋਆਂ ਛਪਾ ਕੇ ਵੀ ਦੂਜੇ ਦਿਨ ਇਹ ਸਮਝਦੇ ਹਨ ਕਿ ਅਗਲੇ ਦਿਨੀਂ ਜੇ ਕੋਈ ਫੋਟੋ ਨਾ ਛਪੀ ਤਾਂ ਪਬਲਿਕ ਭੁਲਾਅ ਵੀ ਸਕਦੀ ਹੈ? ਕਿਉਂ, ਇਹ ਡਰ ਕਿਉਂ? ਅੱਜ ਦੀ ਸਿਆਸਤ ਤੇ ਸਿਆਸੀ ਮਾਹੌਲ ਦੀ ਜੇਕਰ ਗੱਲ ਤੋਰੀਏ ਤਾਂ ਇਕ ਗੱਲ ਸੁੱਤੇ ਸਿਧ ਸਪਸ਼ਟ ਹੈ ਕਿ ਸੋਚਵਾਨ ਤੇ ਸੂਝਵਾਨ ਵਰਗ ਨੂੰ ਖੱਪਬਾਜ਼ ਸਿਆਸਤਬਾਜ਼ਾਂ ਨੇ ਪਰੇ ਨਠਾ ਦਿੱਤਾ ਹੈ। ਸਿਆਸਤਦਾਨ ਹੁਣ ਕਿਤੇ ਨਹੀਂ ਦਿਸਦੇ, ਛਲਾਰੂ ਜਿੰਨੇ ਮਰਜ਼ੀ ਲੱਭ ਲਓ। ਉਹ ਦਿਨ ਬੀਤ ਗਏ ਕਿ ਕਲਾਕਾਰ, ਲੈਕਚਰਰ, ਪ੍ਰੋਫੈਸਰ, ਨਾਮਣੇ ਵਾਲੇ ਪੱਤਰਕਾਰ ਰਾਜਨੀਤੀ ਕਰਦੇ ਹੁੰਦੇ ਸੀ। ਰੰਗਮੰਚ ਦੇ ਕਲਾਕਾਰ, ਕਾਲਜਾਂ ਦੇ ਪ੍ਰੋਫੈਸਰ, ਅਖ਼ਬਾਰਾਂ ਦੇ ਕਾਲਮਨਵੀਸ, ਅਕਲਾਂ ਵਾਲੇ ਬੰਦੇ ਸਿਆਸੀ ਪਾਰਟੀਆਂ ਦੇ ਆਗੂ ਹੁੰਦੇ ਸਨ। 
ਕਮਿਊਨਿਸਟ ਲਹਿਰ ਤੇ ਮੁੜ ਕੇ ਆਈ ਵਿਦਰੋਹੀ ਲਹਿਰ ਤਾਂ ਵੈਸੇ ਵੀ ਇੰਟੈਲੈਕਚੁਅਲਜ਼ ਦੀ ਸੀ। ਸੋਚਵਾਨ ਵਿਅਕਤੀ ਅਕਸਰ ਰਾਜਨੀਤੀ ਵਿਚ ਆ ਜਾਂਦੇ ਸੀ। ਡਾਇਰੈਕਟਰ, ਚੇਅਰਮੈਨ ਤੇ ਹੋਰ ਵਕਾਰੀ ਅਹੁਦੇ, ਜਿਨ੍ਹਾਂ ਉੱਤੇ ਅੱਜ ਅਸੀਂ ਨਿਰੋਲ ਸਿਆਸੀ ਲੋਕਾਂ ਨੂੰ ਬੈਠੇ ਵੇਖਦੇ ਹਾਂ, ਕਦੇ ਇਨ੍ਹਾਂ ਕੁਰਸੀਆਂ ਉੱਤੇ ਵੱਡੀਆਂ ਵੱਡੀਆਂ ਖਿਆਲ ਉਡਾਰੀਆਂ ਲਾ ਸਕਣ ਵਾਲੇ ਸੋਚਵਾਨ ਬੈਠਦੇ ਹੁੰਦੇ ਸੀ। ਉਹ ਵੀ ਦਿਨ ਹੁੰਦੇ ਸੀ (ਜਿਵੇਂ ਅੱਜ ਅਸੀਂ ਰੈਲੀ ਕਹਿ ਦਿੰਦੇ ਹਾਂ) ਜਲਸਾ ਕੀਤਾ ਜਾਂਦਾ ਸੀ। ਲੀਡਰ ਨੇ ਜੇ ਕਿਤੇ ਜਲਸੇ ਵਿਚ ਬੋਲਣ ਆਉਣਾ ਹੁੰਦਾ ਤਾਂ ਇਲਾਕੇ ਵਿਚ ਅਨਾਉਂਸਮੈਂਟਾਂ ਕਰਾਈਆਂ ਜਾਣੀਆਂ। ਲੋਕਾਂ ਨੇ ਵੀ ਕਈ ਦਿਨ ਤਿਆਰੀ ਵਿੱਢੀ ਹੁੰਦੀ ਸੀ ਕਿ ਅੱਜ ਸਾਡਾ ਮਹਿਬੂਬ ਆਗੂ ਬੋਲਣ ਆ ਰਿਹਾ ਹੈ, ਅਸਾਂ ਸੁਣਨ ਜਾਣਾ ਹੀ ਜਾਣਾ ਹੈ। ਉਦੋਂ ਨਾ ਤਾਂ ਕੇਬਲ ਤੇ ਲੋਕਲ ਚੈਨਲ ਹੁੰਦੇ ਸੀ ਤੇ ਨਾਂ ਹੀ ਕੋਈ ਖਬਰੀਆ ਚੈਨਲ, ਕਿਸੇ ਲੀਡਰ ਦਾ ਅੰਨ੍ਹੇਵਾਹ ਪ੍ਰਚਾਰ ਕਰਦਾ ਸੀ। ਪਰ ਲੀਡਰ ਨੇ ਆਉਣਾ ਤੇ ਪੰਡਾਲ ਭਰ ਜਾਣੇ ਤੇ ਕਦੇ ਕਦੇ ਪੰਡਾਲ ਦਾ ਵਿਸਥਾਰ ਕਰ ਕੇ ਅੱਗੇ ਤਕ ਤੰਬੂ ਗੱਡਣੇ ਪੈ ਜਾਂਦੇ ਸੀ। ... ਤੇ ਇਕ ਅੱਜ ਦਾ ਦੌਰ ਵੇਖ ਲਓ, ਬੰਦਾ ਪੰਜ ਸੌਂ ਨੀਂ ਪਹੁੰਚਦਾ ਤੇ ਨੇਤਾ ਤੇ ਅਖੌਤੀ ਵਰਕਰ, ਤਿੰਨ ਤਿੰਨ ਹਜ਼ਾਰ ਕੁਰਸੀਆਂ ਲਵਾ ਦਿੰਦੇ ਹਨ। ਮੁੜ ਕੇ ਮੀਡੀਆ ਦੇ ਲੋਕ ਖਾਲੀ ਕੁਰਸੀਆਂ ਦੀ ਫੋਟੋ ਖਿੱਚ ਕੇ ਛਾਪ ਦਿੰਦੇ ਹਨ ਤਾਂ ਜੱਗ ਹਸਾਈ ਹੋਣ ਲੱਗ ਪੈਂਦੀ ਹੈ। ਕਿਸੇ ਇਕ ਪਾਰਟੀ ਦਾ ਹਾਲ ਨਹੀਂ ... ਅੱਜਕਲ੍ਹ ਸਭਨਾਂ ਵਿਚਾਰਧਾਰਾ-ਹੀਣ ਪਾਰਟੀਆਂ ਦਾ ਇਹੋ ਹਾਲ ਹੈ। ਲੋਕਾਂ ਵਿਚ ਕੰਮ ਕਰਨ ਵਾਲੇ ਨੂੰ ਵਰਕਰ ਕਹਿ ਕੇ ਛੁਟਿਆਇਆ ਜਾਂਦਾ ਹੈ ਤੇ ਹੋਟਲਾਂ, ਕਾਰਖਾਨਿਆਂ ਦੇ ਮਾਲਕਾਂ ਨੂੰ ਏਅਰ ਕੰਡੀਸ਼ਨਡ ਦਫਤਰ ਵਿਚ ਬੈਠੇ ਬੈਠੇ ਹੀ ਚੋਣ ਲੜ੍ਹਨ ਵਾਲੀ ਟਿਕਟ ਮਿਲ ਜਾਂਦੀ ਹੈ, ਸੂਬਾ ਸਕੱਤਰ ਵਜੋਂ ਨਿਯੁਕਤੀ ਪੱਤਰ ਮਿਲ ਜਾਂਦਾ ਹੈ। ਕਿਉਂ? ਸਿਰਫ ਇਸ ਲਈ ਕਿ ਉਸ ਦੇ ਪੱਲੇ ਅੰਨ੍ਹਾ ਪੈਸਾ ਹੈ। ਗਰੀਬ ਆਦਮੀ ਤਾਂ ਪਿੰਡ ਵਿਚ ਸਰਪੰਚ ਨਹੀਂ ਬਣ ਸਕਦਾ। ਸ਼ਹਿਰ ਵਿਚ ਵਾਰਡ ਦਾ ਕੌਂਸਲਰ ਨਹੀਂ ਬਣ ਸਕਦਾ। ਐਮ ਐਲ ਏ ਜਾਂ ਐਮ ਪੀ ਬਣਨਾ ਤਾਂ ਮੁੰਗੇਰੀ ਲਾਲ ਦੇ ਸੁਫਨੇ ਵੇਖਣ ਵਾਂਗ ਹੈ। 
ਆਓ, ਅੱਜ ਅਸੀਂ ਆਪਾ ਪੜਚੋਲ ਕਰੀਏ ਕਿ ਕਿਉਂ ਐਸ਼ੀ ਪੱਠੇ ਹੀ ਵੱਡੇ ਵੱਡੇ ਅਹੁਦਿਆਂ ਉੱਤੇ ਜੱਫਾ ਮਾਰ ਲੈਂਦੇ ਹਨ। ਕਿਉਂ ਐਸ਼ੀ ਪੱਠੇ ਹੀ ਟਿਕਟਾਂ ਖਰੀਦ ਲੈਂਦੇ ਹਨ। ਕਿਉਂ ਐਸ਼ੀ ਪੱਠੇ ਹੀ ਗੁੰਮਰਾਹ ਕਰਕੇ ਰਾਜ ਸੱਤਾ ਸਾਂਭ ਲੈਂਦ ਹਨ। ਜਦਕਿ ਲੋੜ ਇਸ ਗੱਲ ਦੀ ਹੈ ਕਿ ਆਪਾਂ ਆਪਣੇ ਵਿਚੋਂ ਹੀ ਕੋਈ ਵਿਅਕਤੀ ਲੀਡਰ ਬਣਨ ਲਈ ਚੁਣੀਏ। ਆਈਡੀਓਲੌਜੀ ਤੋਂ ਅਣਜਾਣ ਸਿਆਸੀ ਪਾਰਟੀ ਸਾਡੇ ਆਗੂ ਨੂੰ ਟਿਕਟ ਨਹੀਂ ਵੇਚਦੀ ਜਾਂ ਸਾਡਾ ਆਗੂ ਟਿਕਟ ਖਰੀਦਣ ਲਈ 6 ਕਰੋੜ ਰੁਪਿਆ ਨਾ ਦੇ ਸਕਦਾ ਹੋਵੇ ਤਾਂ ਆਪਣੇ ਆਗੂ ਨੂੰ ਅਜ਼ਾਦ ਖੜ੍ਹਾ ਕਰਾ ਕੇ ਜਿਤਾਇਆ ਜਾ ਸਕਦਾ ਹੈ। ਇਸ ਨਾਲ ਭਾਰਤ ਦੇ ਮਗਰੂਰ ਤੇ ਪੂੰਜੀ ਦੇ ਪੁਜਾਰੀ ਹਾਕਮਾਂ ਨੂੰ ਕੰਨ੍ਹ ਹੋ ਜਾਣਗੇ ਕਿ ਅੱਜ ਮੁਲਕ ਦੀ ਜਨਤਾ ਜਾਗ ਚੁੱਕੀ ਹੈ ਤੇ ਉਹ ਆਪਣਾ ਆਗੂ, ਆਪਣੀਆਂ ਵੋਟਾਂ ਦੇ ਬੱਲ ਉੱਤੇ ਆਪ ਵੀ ਚੁਣ ਸਕਦੀ ਹੈ। ਜੇ ਕਿਤੇ ਏਦਾਂ ਹੋ ਜਾਵੇ ਤਾਂ ਲੋਹੇ ਦਾ ਕਾਂ ਬਣ ਚੁੱਕਾ ਇਹ ਮੁਲਕ, ਮੁੜ ਕੇ ਸੋਨੇ ਦੀ ਚਿੜੀ ਬਣ ਸਕਦਾ ਹੈ।


ਪੇਸ਼ਕਸ਼- ਵਾਹਿਦ ਸਿਆਸੀ ਸਰਵਿਸ 
94653 29617 

No comments:

Post a Comment